Ravan Khosa

Hello, I'm

Ravan Khosa

“Taking an image, freezing a moment, reveals how i reach here.”

About me

ਰਵਨਦੀਪ ਸਿੰਘ ਖੋਸਾ ਦਾ ਜਨਮ 28 ਮਈ 1996 ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਭਾਈ ਦੇ ਛੋਟੇ ਜੇ ਪਿੰਡ ਚੰਦੜ ਵਿਖੇ ਪਿਤਾ ਸ੍ਰ ਬੱਗੜ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ।ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕਰਨ ਦੇ ਬਾਅਦ ਬਾਰ੍ਹਵੀਂ ਜਮਾਤ ਗਣਿਤ ਤੇ ਇਤਿਹਾਸ ਵਿਕਲਪਿਕ ਮਜ਼ਮੂਨਾਂ ਨਾਲ 2014’ਚ ਸਸਸਸ ਮੁਦਕੀ(ਲੜਕੇ)ਤੋਂ ਕੀਤੀ।

ਸਕੂਲ ਪੜ੍ਹਨ ਸਮੇਂ ਹੀ ਰਵਨ ਦੀ ਡਰਾਇੰਗ ਬਹੁਤ ਵਧੀਆ ਸੀ,ਇਸ ਕਰਕੇ ਉਹ ਆਪਣੇ ਜਮਾਤੀਆਂ ਤੇ ਦੋਸਤਾਂ ਦੀਆਂ ਸਾਇੰਸ ਤੇ ਫਿਜ਼ੀਕਲ ਐਜੂਕੇਸ਼ਨ ਦੀਆਂ ਪ੍ਰੈਕਟੀਕਲ ਫਾਇਲਾਂ ਸ਼ੌਂਕ ਨਾਲ ਹੀ ਬਣਾ ਕੇ ਦੇ ਦਿੰਦਾ ਸੀ।ਜ਼ਮਾਨੇ ਦੇ ਰੁਝਾਨ ਮੁਤਾਬਿਕ ਇਸ ਤੋਂ ਬਾਅਦ YRS ਪਾਲੀਟੈਕਨਿਕ ਕਾਲਜ ਮੋਗਾ ਤੋਂ 2017’ਚ ਆਟੋਮੋਬਾਇਲ ਇੰਜਨੀਅਰਿਗ ਦਾ ਡਿਪਲੋਮਾ ਕੀਤਾ।ਰਵਨ ਦੀਆਂ ਦੋਵੇਂ ਭੈਣਾਂ ਤੇ ਭਰਾ ਕਿਉਂਕਿ ਪਹਿਲਾਂ ਹੀ ਕੈਨੇਡਾ ਸੈਟਲਡ ਹੋ ਗਏ ਸਨ,ਸੋ ਇਸ ਉਪਰੰਤ ਉਸ ਨੂੰ ਵੀ ਆਇਲਸ ਕਰਕੇ ਉਹਨਾਂ ਕੋਲ ਭੇਜਣ ਦੀ ਪਰਿਵਾਰਕ ਰਾਇਵਾੜੀ ਘੜੀ ਗਈ।

ਡਿਪਲੋਮਾ ਪੂਰਾ ਕਰਨ ਤੋਂ ਬਾਅਦ ਫਾਇਲ ਲਾਉਣ ਲਈ ‘ਪੜ੍ਹਾਈ ਦੀ ਲਗਾਤਾਰਤਾ’ਚ ਉਸ ਨੇ ਡਿਪਲੋਮੇ ਦੇ ਆਧਾਰ’ਤੇ ਫਰੀਦਕੋਟ’ਚ ਮਹਿੰਦਰਾ ਤੇ ਮਾਰੂਤੀ ਦੀਆਂ ਏਜੰਸੀਆਂ’ਚ ਕੰਮ ਭਾਲਿਆ ਤੇ ਆਖਿਰ ਨੂੰ ਜ਼ੀਰੇ ਮਾਰੂਤੀ ਸ਼ਜੂਕੀ ਦੀ ਏਜੰਸੀ ਦੀ ਵਰਕਸ਼ਾਪ’ਚ ਅਕਤੂਬਰ ਮਹੀਨੇ’ਚ ਜੁਆਇਨ ਕਰ ਲਿਆ।ਕਲਾਕਾਰ ਰਵਨ ਪਾਨੇ-ਚਾਬੀਆਂ ਨਾਲ ਕਾਰਾਂ ਦੇ ਮਗਲੈਲ ਬਦਲਦਾ ਮੂੰਹ-ਸਿਰ ਕਾਲਾ ਕਰਵਾਈ ਰੱਖਦਾ ਤੇ ਸੋਚਦਾ ਮਨਾ ਕਿੱਥੇ ਫਸ ਗਏ?ਚੰਗੇ ਭਾਗੀਂ 10 ਕੁ ਦਿਨਾਂ ਬਾਅਦ ਦਿਵਾਲੀ ਆ ਗਈ ਤੇ,ਇਸ ਤੋਂ ਬਾਅਦ ਹੋਈਆਂ ਤਿੰਨ ਛੁੱਟੀਆਂ ਉਪਰੰਤ ਉਹ ਮੁੜ ਕੇ ਉੱਥੇ ਕਦੇ ਨਾ ਗਿਆ।ਇਸ ਉਪਰੰਤ ਘਰਦਿਆਂ ਨੇ ਵਿਵਸਾਇਕ ਸਿੱਖਿਆ ਅੱਗੇ ਕਰਵਾਉਣ ਲਈ ਡਿਗਰੀ ਕਰਨ ਹਿਤ ਲਾਲਾ ਲਾਜਪਤ ਰਾਏ ਇਸਟੀਚਿਊਟ ਆਫ਼ ਇੰਜਨੀਅਰਗ ਐਂਡ ਟਕਨਾਲੋਜ ਢੁੱਡੀਕੇ ਵਿਖੇ ਡਿਗਰੀ’ਚ ਦਾਖ਼ਲਾ ਦੁਆ ਦਿੱਤਾ,ਇੱਥੇ ਵੀ ਚੌਥੇ ਦਿਨ ਚਲਦੀ ਕਲਾਸ ਚੋਂ ਭਰੀਆਂ ਭਰਾਈਆਂ ਫੀਸਾਂ ਛੱਡ ਕੇ ਰਵਨ ਘਰ ਪਰਤ ਆਇਆ।

ਪੜ੍ਹਾਈ ਦੌਰਾਨ ਕੈਨੇਡਾ ਤੋਂ ਆਏ ਸੈਮੰਸਗ S3 ਦੁਆਰਾ ਪਿਕਸਆਰਟ ਰਾਹੀਂ ਲੱਗੀ ਫੋਟੋਗਰਾਫੀ ਦੀ ਚੰਗਿਆੜੀ ਹੁਣ ਤੱਕ ਭਾਂਬੜ ਬਣ ਚੁੱਕੀ ਸੀ ਤੇ ਇੰਜਨੀਅਰਗ ਅਤੇ ਕੈਨੇਡਾ ਵੱਲੋਂ ਮੂੰਹ ਮੋੜਨ ਬਾਅਦ ਪਹਿਲਾਂ ਹੀ ਨਰਾਜ਼ ਚੱਲ ਰਹੇ ਘਰਦਿਆਂ ਅੱਗੇ DSLR ਕੈਮਰੇ ਦੀ ਮੰਗ ਰੱਖ ਦਿੱਤੀ।ਉਹਨਾਂ ਮਨ੍ਹਾਂ ਕੀਤਾ ਤਾਂ ਇੱਕ ਵਾਰ ਫੇਰ ਕੈਨੇਡਾ ਵਾਲਾ ਵੱਡਾ ਵੀਰ ਕੰਮ ਆਇਆ ਤੇ 55 ਹਜ਼ਾਰ ਦੀ ਕੀਮਤ ਦਾ Canon 70-D ਖਰੀਦ ਲਿਆ।

ਕੈਮਰੇ ਨੂੰ ਕਿੱਤੇ’ਚ ਬਦਲਣ ਲਈ ਉਸਨੇ ਕਾਫ਼ੀ ਸੰਘਰਸ਼ ਕੀਤਾ ਤੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਪੋਰਟਰੇਟ ਫੋਟੋਆਂ ਕੀਤੀਆਂ ਤੇ ਇੱਥੋ ਤੱਕ ਇੱਕ ਵਿਆਹ ਵੀ ਲਾਇਆ।ਮਿਹਨਤ ਦਾ ਮੁੱਲ ਤੇ ਉਸ ਦੀ ਵਿਲੱਖਣ ਪ੍ਰਤਿਭਾ ਦੀ ਕਦਰ ਨਾ ਪੈਂਦੀ ਵੇਖ ਕੇ ਉਸ ਨੇ ਇਸ ਰਵਾਇਤੀ ਵਿਧਾ ਤੋਂ ਵੀ ਮੁੱਖ ਮੋੜ ਲਿਆ।ਘਰ ਦੇ ਹੁਣ ਤੱਕ ਜੋ ਜ਼ਮੀਨ ਠੇਕੇ’ਤੇ ਦੇ ਰਹੇ ਸਨ,ਉਸ ਦੀ ਸਾਰੀ ਪੰਜਾਲੀ ਗੱਭਰੂ ਪੁੱਤ ਰਵਨੇ ਦੇ ਗਲ ਪੈ ਗਈ ਤੇ ਉਹ ਵਾਹੀ ਕਰਨ ਲੱਗਾ।ਸੱਧਰਾਂ ਨਾਲ ਲਿਆ ਕੈਮਰਾ ਵੀ 18 ਹਜ਼ਾਰ ਰੁਪਏ’ਚ ਵੇਚ ਦਿੱਤਾ ਗਿਆ।

ਉਸ ਦੀਆਂ ਆਪਣੇ ਪਿੰਡ ਚੰਦੜ ਦੀਆਂ ਫੋਟੋਆਂ ਸੋਸ਼ਲ ਮੀਡੀਆ’ਤੇ ਬਹੁਤ ਮਕਬੂਲ ਹੋ ਰਹੀਆਂ ਸਨ ਤੇ ਖਾਸ ਜਰ NRI ਭਰਾਵਾਂ ਵੱਲੋਂ ਉਸ ਨੂੰ ਬਹੁਤ ਹੌਂਸਲਾ ਮਿਲਦਾ,ਪਰ ਇਸ ਤੋਂ ਉਸ ਨੂੰ ਕੋਈ ਆਮਦਨ ਨਹੀਂ ਹੋ ਰਹੀ ਸੀ।

ਨਿਰਾਸ਼ਾ ਦੇ ਦੌਰ ਚੋਂ ਗੁਜ਼ਰ ਰਹੇ ਰਵਨੇ ਲਈ ‘ਪੰਜ-ਆਬ ਰਿਕਾਰਡਸ’ ਦੇ ਹਰਵਿੰਦਰ ਸਿੰਘ ਸਿੱਧੂ ਇੱਕ ਫਰਿਸ਼ਤੇ ਵਜੋਂ ਆਏ।ਆਪਣੀ ਸੰਘਰਸ਼ੀ ਕਹਾਣੀ ਸੁਣਾਉਂਦਾ-ਸੁਣਾਉਂਦਾ ਰਵਨ ‘ਜੈਕਨਾਮਾ’ ਨੂੰ ਹੌਂਸਲੇ ਨਾਲ ਪਹਿਲਾਂ ਤੋਂ ਭਰਵੀਂ ਅਵਾਜ਼’ਚ ਦੱਸਦਾ ਹੈ ਕਿ ਸਿੱਧੂ ਉਸ ਨੂੰ ਉਹ ਦੁਨੀਆ’ਚ ਲੈ ਗਏ ਜਿਸਦਾ ਕੈਨਵਸ ਤੇ ਦਾਇਰਾ ਬਹੁਤ ਵੱਡਾ ਸੀ।ਇਸ ਪੱਧਰ’ਤੇ ਹੁਣ ਤੱਕ ਰਵਨ ਨੇ ਜਿੱਥੇ 42 ਮਿਲੀਅਨ ਵਿਊਆਂ ਤੱਕ ਪਹੁੰਚੇ ਹੁਸਤਿੰਦਰ ਦੇ ਗੀਤ ‘ਹਸਦੇ ਹੀ ਰਹਿਨੇ ਆ’ ਦੀ ਨਿਰਦੇਸ਼ਨਾ ਰਾਹੀਂ ਆਪਣੀ ਘਰ-ਘਰ ਤੱਕ ਪਹੁੰਚ ਬਣਾਈ,ਉੱਥੇ ਨਿਮਰਤ ਖਹਿਰਾ ਦੇ ‘Destiny Tour 2022’, ‘ਕਾਇਨਾਤ’ ਦੇ ਵੀਡੀਓ ਨਿਰਦੇਸ਼ਿਤ ਕੀਤੇ।ਅੱਜ ਦੇ ਸਭ ਤੋਂ ਵੱਡੇ ਸੁਪਰਸਟਾਰਾਂ’ਚ ਗਿਣੇ ਜਾਂਦੇ ਅਰਜਨ ਢਿੱਲੋਂ ਦੀ ਐਲਬਮ ‘ਸਰੂਰ’ ਦੀ ਪੰਜਾਬ ਇੰਟਰੋ(ਛੱਡ ਪਰੇ ਸਾਡਾ ਜੀਅ ਨੀ ਲੱਗਣਾ,ਸੁਰਗਾਂ ਵਿੱਚ ਪੰਜਾਬ ਨੀ ਹੋਣਾ) ਤੇ ‘ਜਾਨ ਵਾਰੀਏ’ ਦੀ ਡਾਇਰੈਕਸ਼ਨ ਵੀ ਖੋਸੇ ਦੇ ਨਾਮ ਬੋਲਦੀ ਹੈ।ਆਪਣੇ ਮਾਮੇ ਦੇ ਮੁੰਡੇ ਬਾਲ ਸਮਰ ਪ੍ਰਤਾਪ ਸਿੰਘ ਦੀਆਂ ਕਲਿਕ ਕੀਤੀਆਂ ਨਾਯਾਬ ਫੋਟੋਆਂ ਤੇ ਪੇਂਡੂ ਧਰਾਤਲ ਤੇ ਖੇਤਾਂ-ਵੰਨਿਆਂ ਤੇ ਪਹੀਆਂ ਦੀਆਂ ਡਰੋਨ ਰਾਹੀਂ ਕੀਤੀਆਂ ਬਾਕਮਾਲ ਮੂਰਤਾਂ ਰਾਹੀਂ ਉਹ ਸੋਸ਼ਲ ਪਲੇਟਫਾਰਮਾਂ’ਤੇ ਅਕਸਰ ਟਰੈਂਡ ਕਰਦਾ ਰਹਿੰਦਾ ਹੈ।

ਦਰਿਆ-ਦਿਲ ਰਵਨ ਖੋਸਾ ਇੱਕ ਹੋਰ ਲੋੜਵੰਦ ਤੇ ਪ੍ਰਤਿਭਾਵਾਨ ਫੋਟੋਗਰਾਫਰ ਹਰਪ੍ਰੀਤ ਝੇਰਿਆਂਵਾਲੀ ਨੂੰ ਸ਼ਿਮਲੇ ਆਪਣਾ ਕੈਮਰਾ ਗੁਆ ਆਉਣ’ਤੇ ਆਪਣਾ ਇੱਕ ਵਾਰ 18 ਹਜ਼ਾਰ’ਚ ਵੇਚਿਆ ਕੈਨਨ 70-ਡੀ ਮੁੜ 16 ਹਜ਼ਾਰ’ਚ ਖਰੀਦ ਕੇ ਉਸਨੂੰ(ਹਰਪ੍ਰੀਤ ਨੂੰ)ਤੋਹਫ਼ੇ ਵਜੋਂ ਦੇਣ ਦਾ ਵਿਸ਼ਾਲ ਮਾਦਾ ਰੱਖਦਾ ਹੈ।ਦਿੱਲੀ ਕਿਸਾਨ ਮੋਰਚੇ ਦੇ ਸ਼ੁਰੂਆਤੀ ਹਫ਼ਤੇ’ਚ ਡਰੋਨ ਰਾਹੀਂ EOS R ਮਿਰਰਲੈੱਸ ਕੈਮਰੇ ਰਾਹੀਂ ਦੁਨੀਆ ਭਰ’ਚ ਪਹੁੰਚਣ ਵਾਲੀਆਂ ਫੋਟੋਆਂ ਦੀ ਸੇਵਾ ਕਰਨ ਦਾ ਮਾਣ ਵੀ ਉਸਨੂੰ ਹਾਸਿਲ ਹੈ।